30 June, 2009

ਸ਼ੇਰ - ਏ - ਪੰਜਾਬ ਦੀ ਬਰਸੀ ਲੰਘ ਗਈ

ਕੱਲ੍ਹ ਦਾ ਦਿਨ ਲੰਘ ਗਿਆ, 29 ਜੂਨ ਲੰਘ ਗਈ, ਮੈਨੂੰ ਇੰਟਰਨੈੱਟ ਉੱਤੇ
ਕੋਈ ਜਾਣਕਾਰੀ ਨੀਂ ਮਿਲੀ, ਬਹੁਤੀਆਂ ਪੰਜਾਬੀ ਵੈੱਬਸਾਈਟਾਂ ਨੇ ਦੱਸਿਆ ਹੀ
ਨਹੀਂ, ਮੈਂ ਕੋਈ ਧਿਆਨ ਹੀ ਨਾ ਰੱਖਿਆ। ਚੱਲੋ ਲੰਘ ਗਏ ਤਾਂ ਭੁੱਲ
ਜਾਈਏ, ਛੱਡ ਬੀਤੇ ਨੂੰ ਥੋੜੇ ਚੇਤੇ ਰੱਖੀਦਾ ਹੈ।
ਪਰ ਸ਼ਾਇਦ ਇਹ ਭੁੱਲਣਾ ਨਹੀਂ ਸੀ ਚਾਹੀਦਾ, ਇਹ ਪਲ, ਇਹ ਸਮਾਂ
ਸੀ, ਜਿਸ ਉੱਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ,
ਹਾਂ, ਪੰਜਾਬ ਦੇ ਮਹਾਨ ਬਾਦਸ਼ਾਹ ਸ਼ੇਰ-ਏ-ਪੰਜਾਬ ਦੀ ਕੱਲ੍ਹ ਬਰਸੀ ਸੀ,
ਉਸ ਨੂੰ ਯਾਦ ਕਰਨ ਦਾ ਸਮਾਂ ਨਾਲ ਤਾਂ ਕਿਸੇ ਰਾਜਨੀਤਿਕ ਪਾਰਟੀ ਕੋਲ
ਸੀ ਅਤੇ ਸ਼ਾਇਦ ਨਾ ਉਸ ਸੂਰਮੇ ਬਹਾਦਰ ਦੇ ਲੋਕਾਂ ਕੋਲ। ਸ਼ਾਇਦ ਬਹੁਤੇ
ਤਾਂ ਮੇਰੇ ਵਾਂਗ ਜਾਣਦੇ ਵੀ ਨਾ ਹੋਣ ਕਿ ਮਹਾਰਾਜਾ ਰਣਜੀਤ ਸਿੰਘ ਦੀ
ਬਰਸੀ ਸੀ ਕੱਲ੍ਹ। ਪਤਾ ਨੀਂ ਕੋਈ ਕੀ ਸੋਚਦਾ ਹੋਵੇਗਾ ਇਸ ਬਾਰੇ,
ਪਰ ਮੈਨੂੰ ਸ਼ਰਮ ਆ ਰਹੀ ਹੈ ਕਿ 'ਆਪਣੇ ਆਪ 'ਚ ਰਹੇ ਗੁਆਚਿਆ
ਬੰਦਿਆ...' ਵਾਂਗ ਭੁੱਲ ਹੀ ਗਏ, ਇੱਕ ਵਾਰ ਨਾਂ ਹੀ ਲੈ ਲੈਂਦੇ।
ਇਹ ਸ਼ਾਇਦ ਮੇਰੀ ਆਦਤ ਹੋ ਗਈ ਹੈ ਜਾਂ ਮੇਰੇ ਖੂਨ 'ਚ ਰਚ ਗਿਆ ਹੈ
ਭੁੱਲ ਜਾਣਾ...
ਮੈਂ ਸ਼ਾਇਦ ਪੰਜਾਬੀਆਂ ਵਿੱਚ ਇੱਕ ਹਾਂ, ਸੋ ਸ਼ਾਇਦ ਪੂਰੀ ਕੌਮ ਹੀ ਭੁਲੱਕੜ
ਹੋ ਦੀ ਜਾ ਰਹੀ ਏ ਕੀ ਨਹੀਂ????

27 June, 2009

ਜੇਹਲਮ ਪੰਜਾਬੀ ਕੀਬੋਰਡ ਲੇਆਉਟ 2.1 – ਟੈਸਟ ਲਈ

ਜੇਹਲਮ ਲੇਆਉਟ ਵਰਜਨ ਵਿੱਚ ਕੁਝ ਸੁਧਾਰ ਕੀਤੇ ਗਏ, ਮੈਂ ਕਿਉਂਕਿ ਖੁਦ

ਕਦੇ ਵਿੰਡੋਜ਼ ਉੱਤੇ ਵਰਤਿਆ ਨਹੀਂ ਸੀ, ਇਸਕਰਕੇ ਸਮੱਸਿਆਵਾਂ ਬਾਰੇ ਬੁਹੁਤੀ

ਜਾਣਕਾਰੀ ਵੀ ਨਹੀਂ ਸੀ। ਪਰ ਕੁਝ ਕੁ ਸ਼ਿਕਾਇਤਾਂ ਆਉਣ ਤੋਂ ਬਾਅਦ ਅੱਪਡੇਟ

ਕੀਤਾ ਹੈ। ਸ਼ਿਕਾਇਤਾਂ ਮੁਤਾਬਕ ਜੇ ਕੋਈ ਵੀ ਅੱਖਰ ਪੰਜਾਬੀ ਕੀਬੋਰਡ ਵਿੱਚ

ਖਾਲੀ ਛੱਡ ਦਿੱਤਾ ਜਾਵੇ ਤਾਂ ਲੇਆਉਟ ਵਰਤਣ ਦੌਰਾਨ ਉਹ ਕੰਮ ਨਹੀਂ ਸੀ ਕਰਦਾ। ਲੀਨਕਸ ਉੱਤੇ ਇੰਝ ਨਹੀਂ ਹੁੰਦਾ। ਜੇ ਤੁਸੀਂ ਅੱਖਰ ਖਾਲੀ ਛੱਡ ਦਿੱਤਾ ਤਾਂ

ਉਸ ਦੀ ਥਾਂ ਉੱਤੇ ਅੰਗਰੇਜ਼ੀ ਦਾ ਅੱਖਰ ਆਪਣੇ ਆਪ ਹੀ ਕੰਮ ਕਰਦਾ ਰਹਿੰਦਾ ਹੈ। ਸੋ ਇਹ ਵੱਡਾ ਸੁਧਾਰ ਹੈ।

^ –> ੳ (ਨਵੇਂ ਅੱਖਰ)

* –> ੲ (ਨਵੇਂ ਅੱਖਰ)

> –> ੴ (ਨਵੇਂ ਅੱਖਰ)

< –> ☬ (ਨਵੇਂ ਅੱਖਰ)

?-> ? (ਖਾਲੀ ਥਾਂ ਭਰੀ)

: –> : (ਖਾਲੀ ਥਾਂ ਭਰੀ)

‘ – > ‘ (ਖਾਲੀ ਥਾਂ ਭਰੀ)

“ –> “ (ਖਾਲੀ ਥਾਂ ਭਰੀ)

- -> - (ਖਾਲੀ ਥਾਂ ਭਰੀ)

= –>= (ਖਾਲੀ ਥਾਂ ਭਰੀ)

+ –>+ (ਖਾਲੀ ਥਾਂ ਭਰੀ)

ਬਾਕੀ ਇਸ ਬਾਰੇ ਜਾਣਕਾਰੀ ਵੈੱਬ ਸਾਈਟ ਉੱਤੇ ਦਿੱਤੇ ਬੱਗ ਮੁਤਾਬਕ

ਹੈ।

ਇਸ ਦਾ ਸਕਰੀਨ-ਸ਼ਾਟ ਬਣਾਉਣ ਲਈ ਮੈਨੂੰ ਕੋਈ ਵਧੀਆ ਢੰਗ ਨਹੀਂ

ਮਿਲਿਆ ਹੈ।

ਨਵਾਂ ਪੈਕੇਜ ਬਣਾਇਆ ਗਿਆ ਹੈ, ਡਾਊਨਲੋਡ ਕਰੋ ਹਾਲੇ ਕੇਵਲ ਵਿੰਡੋਜ਼ ਲਈ

ਜੇ ਤੁਹਾਨੂੰ ਕੋਈ ਵੀ ਸੁਧਾਰ ਦੀ ਲੋੜ ਜਾਪੇ ਜਾਂ ਕੁਝ ਹੋਰ ਗਲਤੀ ਬਾਰੇ ਜਾਣਕਾਰੀ ਹੋਵੇ ਤਾਂ ਦੱਸਣਾ। ਛੇਤੀ ਹੀ ਯੂਨੀਕੋਡ 5.1 ਲਈ ਅੱਪਡੇਟ ਕੀਤਾ

ਜਾਵੇਗਾ

15 June, 2009

ਫੇਡੋਰਾ ੧੧ ਹੋਇਆ ਜਾਰੀ - ਪੰਜਾਬੀ ਕੰਪਿਊਟਰ ਲਈ ਇੱਕ ਕਦਮ ਹੋਰ...

ਫੇਡੋਰਾ ੧੧ ਰੀਲਿਜ਼ ਹੋ ਗਿਆ ਹੈ। ਇਸ ਗਨੋਮ ੨.੨੬ ਅਤੇ ਕੇਡੀਈ ੪.੨ ਸ਼ਾਮਲ ਕੀਤਾ ਗਿਆ ਹੈ।
ਤੁਸੀਂ ਫੇਡੋਰਾ ਵਰਤਣ ਵਾਸਤੇ ਲਾਈਵ ਸੀਡੀ (ਜੋ ਕਿ ਕੰਪਿਊਟਰ ਤੋਂ ਸਿੱਧਾ ਓਪਰੇਟਿੰਗ ਸਿਸਟਮ ਚਲਾਉਣ
ਲਈ ਸਹਾਇਕ ਹੈ) ਲੈ ਸਕਦੇ ਹੋ:

ਲਾਈਵ ਸੀਡੀ

ਡਾਊਨਲੋਡ ਕਰਨ ਬਾਅਦ ਇਸ ਨੂੰ ਸੀਡੀ ਉੱਤੇ ਲਿਖ ਲਵੋ ਅਤੇ ਬੂਟ ਕਰੋ।
ਬੂਟ ਕਰਨ ਦੇ ਬਾਅਦ ਲਾਗਇਨ ਸਕਰੀਨ ਉਤੇ ਭਾਸ਼ਾ ਦੀ ਚੋਣ (Language) ਤੋਂ ਕਰੋ
ਅਤੇ ਪੰਜਾਬੀ ਚੁਣੋ। ਇਸ ਨਾਲ ਤੁਸੀਂ ਪੰਜਾਬੀ ਵਿੱਚ ਇੰਟਰਫੇਸ ਵੇਖ ਸਕਦੇ ਹੋ ਅਤੇ
ਪੰਜਾਬੀ ਵਿੱਚ ਪੂਰਾ ਓਪਰੇਟਿੰਗ ਸਿਸਟਮ ਇਸਤੇਮਾਲ ਕਰ ਸਕਦੇ ਹੋ, ਉਹ ਵੀ
ਬਿਨਾਂ ਇੰਸਟਾਲ ਕੀਤੇ ਆਪਣੇ ਕੰਪਿਊਟਰ ਉੱਤੇ (ਤੁਹਾਡੇ ਕੰਪਿਊਟਰ ਦਾ ਪੂਰਾ ਡਾਟਾ
ਸੁਰੱਖਿਅਤ ਰਹੇਗਾ।

ਫੇਡੋਰਾ ਰੀਲਿਜ਼ ਬਾਰੇ ਹੋਰ ਜਾਣਕਾਰੀ ਵੇਖਣ ਲਈ ਵੇਖੋ

ਫੇਡੋਰਾ ੧੧

ਰੀਲਿਜ਼ ਨੋਟਿਸ ਪੜ੍ਹੋ


ਜੇ ਤੁਸੀਂ KDE ਦੀ ਲਾਈਵ ਸੀਡੀ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਕਰੋ:
ਕੇਡੀਈ ਲਾਈਵ ਸੀਡੀ

ਫੇਡੋਰਾ ਬਾਰੇ ਢੇਰ ਸਾਰੀ ਜਾਣਕਾਰੀ ਉਪਲੱਬਧ ਹੈ ਅਤੇ ਤੁਹਾਨੂੰ ਕੋਈ ਵੀ ਜਾਣਕਾਰੀ
ਜਾਂ ਸਮੱਸਿਆ ਆਵੇ ਤਾਂ ਸੰਪਰਕ ਕਰਨਾ ਨਾ ਭੁੱਲਣਾ
ਅਤੇ ਹਾਂ ਇੱਕ ਵਾਰ ਡਾਊਨਲੋਡ ਕਰਕੇ ਪੰਜਾਬੀ ਵਿੱਚ ਵਰਤ ਕੇ ਵੇਖਣਾ

ਤੁਹਾਡੇ ਸਹਿਯੋਗ ਲਈ ਤੁਹਾਡਾ ਧੰਨਵਾਦ
ਅ. ਸ. ਆਲਮ ਅਤੇ ਪੂਰੀ ਪੰਜਾਬੀ ਟੀਮ

31 May, 2009

ਆਸਟਰੇਲੀਆ ਵਿੱਚ ਫੈਲੀ ਨਸਲੀ ਹਿੰਸਾ...

ਪਿਛਲੇ ਇੱਕ ਹਫ਼ਤੇ ਤੋਂ ਭਾਰਤ ਦੇ ਸਭ ਅਖ਼ਬਾਰ (ਸ਼ਾਇਦ
ਟੀਵੀ ਚੈਨਲ ਵੀ, ਪਰ ਕਦੇ ਖ਼ਬਰਾਂ ਟੀਵੀ ਉੱਤੇ ਨਹੀਂ ਸੁਣਦਾ)
ਆਸਟਰੇਲੀਆ ਵਿੱਚ ਭਾਰਤੀਆਂ ਉੱਤੇ ਹੋ ਰਹੇ ਹਮਲਿਆਂ ਨਾਲ
ਭਰੇ ਰਹੇ ਅਤੇ ਹਰ ਰੋਜ਼ ਨਵੀਂ ਖ਼ਬਰ ਪਹਿਲੇ ਪੇਜ਼ ਉੱਤੇ ਰਹੀ।
ਇਹਨਾਂ ਖ਼ਬਰਾਂ ਨਾਲ ਦਿਲ ਵਿੱਚ ਅਜੀਬ ਜਿਹੀ ਹਲਚਲ ਜਿਹੀ
ਰਹੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਲਗਾਤਾਰ ਫੋਨ ਕਰਕੇ ਪਤਾ
ਕਰਦੇ ਰਹੇ। ਇੰਝ ਦੇ ਹਾਲਤਾਂ ਦਾ ਮੈਨੂੰ ਤਜਰਬਾ ਮਹਾਂਰਾਸ਼ਟਰ
ਵਿੱਚ ਰਹਿੰਦੇ ਨੂੰ ਹੈ (ਜਿਵੇਂ ਪਿਛਲੇ ਸਾਲ ਮਹਾਂਰਾਸ਼ਟਰ ਨਵ-ਨਿਰਮਾਣ
ਸੈਨਾ ਅਤੇ ਸ਼ਿਵ -ਸੈਨਾ ਨੇ ਉੱਤਰ ਭਾਰਤੀਆਂ ਨੂੰ ਦਵੱਲਿਆ ਸੀ।),
ਪਰ ਆਸਟਰੇਲੀਆ ਬਾਰੇ ਦੋ ਗੱਲਾਂ ਕਰਕੇ ਹੈਰਾਨੀ ਜਿਹੀ ਹੁੰਦੀ ਹੈ
1) ਆਸਟਰੇਲੀਆ ਵਿੱਚ ਸਭ (ਗੋਰੇ ਅੰਗਰੇਜ਼) ਵੀ ਵਿਦੇਸ਼ੀ ਹੀ ਹਨ,
ਅਤੇ ਇਹ ਗੋਰਿਆਂ ਦਾ ਦੇਸ਼ ਨਹੀਂ ਹੈ। ਜਿੱਥੋਂ ਤੱਕ ਮੇਰੀ ਜਾਣਕਾਰੀ ਹੈ,
ਇਹ ਇੰਗਲੈਂਡ ਵਿੱਚੋਂ ਕੱਢੇ ਵੱਢੇ ਅਪਰਾਧੀ ਕਿਸਮ ਦੇ ਲੋਕਾਂ ਦੀਆਂ
ਹੀ ਔਲਾਦਾਂ ਹਨ।
2) ਜਿਵੇਂ ਇੰਗਲੈਂਡ ਵਿੱਚ ਇਹ ਨਸਲੀ ਹਿੰਸਾ ਵਿੱਚ ਭਾਰੀ ਸੁਧਾਰ
ਹੋਇਆ ਹੈ (ਜੋ ਕਿ ਮੇਰੇ ਮਿੱਤਰ ਗੁਰਸ਼ਰਨ ਸਿੰਘ ਜੀ ਖਾਲਸਾ ਦੀ
ਮੁਤਾਬਕ ਹੈ), ਤਾਂ ਆਸਟਰੇਲੀਆ ਵਿੱਚ ਵੀ ਇਹ ਹੋਣਾ ਚਾਹੀਦਾ ਹੈ।

ਭਾਵੇਂ ਕਿ ਆਸਟਰੇਲੀਆਂ ਵਿੱਚ ਨਸਲੀ ਵਿੰਭਨਤਾ ਬਹੁਤ ਹੈ।
ਚੀਨੀਆਂ ਅਤੇ ਭਾਰਤੀਆਂ ਵਿਦਿਆਰਥੀਆਂ ਦੀ ਸਭ ਤੋਂ ਪਸੰਦੀਦਾ
ਥਾਂ ਹੈ, ਪਰ ਆਸਟਰੇਲੀਆ ਦੇ ਵਿੱਚ ਨਸਲੀ ਹਿੰਸਾ ਨਾਲ ਪੰਜਾਬੀ
ਵਿਦਿਆਰਥੀਆਂ ਦੇ ਜਾਣ ਨੂੰ ਥੋੜ੍ਹੀ ਠੱਲ੍ਹ ਤਾਂ ਪਵੇਗੀ, ਪਰ ਫੇਰ ਵੀ
ਹਰੇਕ ਜਾਣ ਵਾਲੇ ਵਿਦਿਆਰਥੀਆਂ ਇਸ ਬਾਰੇ ਵਿਚਾਰ ਤਾਂ ਕਰਨਗੇ।
ਅਖ਼ਬਾਰਾਂ ਦੀਆਂ ਖ਼ਬਰਾਂ ਮੁਤਾਬਕ ਕਰੀਬ 1 ਲੱਖ ਵਿਦਿਆਰਥੀ ਭਾਰਤੀ
ਹਨ, ਜੋ ਕਿ ਆਉਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦੇ ਰਹੇ ਹਨ
ਕਿ ਉਹ ਨਾ ਆਉਣ, ਪਰ ਸ਼ਾਇਦ ਇੰਝ ਸੰਭਵ ਨਹੀਂ ਹੋ ਸਕੇਗਾ।

ਆਸਟਰੇਲੀਆ ਸਰਕਾਰ ਦੀ ਕਾਰਵਾਈ ਬਾਰੇ ਮੈਨੂੰ ਕੋਈ ਯਕੀਨ ਨਹੀਂ
ਹੈ, ਕਿਉਂਕ ਛੋਟੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਆਮ ਹੀ ਸੁਣੀਆਂ ਹਨ,
ਮੇਰਾ ਇੱਕ ਹੋਰ ਮਿੱਤਰ ਅਮਜਿੰਦਰ ਮਾਨ 3 ਸਾਲ ਆਸਟਰੇਲੀਆ ਵਿੱਚ ਰਿਹਾ
ਅਤੇ ਉਹ ਟੈਕਸੀ ਚਲਾਉਂਦਾ ਸੀ, ਉਸ ਦਾ ਨਿੱਜੀ ਤਜਰਬਾ ਇਹੀ ਸੀ
ਕਿ ਪੁਲਿਸ ਉੱਥੋਂ ਦੇ ਲੋਕਲ ਲੋਕਾਂ ਦੀ ਮੱਦਦ ਕਰਦੀ ਹੈ ਅਤੇ ਤੁਹਾਨੂੰ
ਕੁਝ ਨਹੀਂ ਮਿਲਦਾ। ਇੱਕ ਵਾਰ ਦੀ ਘਟਨਾ ਮੁਤਾਬਕ ਕੁਝ ਸ਼ਰਾਬੀ
ਆਸਟਰੇਲੀਆਈ ਸਵਾਰੀਆਂ ਨੇ ਕਿਰਾਇਆ ਦੇਣ ਦੀ ਬਜਾਏ
ਬੀਅਰ ਦੀ ਬੋਤਲ ਮਾਰੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ। ਭਾਵੇਂ
ਕਿ ਉਸ ਨੇ ਉਹਨਾਂ ਦੀਆਂ ਤਸਵੀਰਾਂ ਲੈ ਲਈਆਂ ਸਨ, ਪਰ ਪੁਲਿਸ
ਨੇ ਮਾਮਲੇ ਨੂੰ ਰਫ਼ਾ-ਦਫ਼ਾ ਕਰਨ ਵਿੱਚ ਵਧੇਰੇ ਦਿਲਚਸਪੀ ਲਈ ਅਤੇ
ਕਰਵਾ ਕੇ ਹੀ ਸਾਹ ਲਿਆ।

ਭਾਰਤ ਸਰਕਾਰ ਵਲੋਂ ਆਸਟਰੇਲੀਆਈ ਸਰਕਾਰ ਨੂੰ ਦੱਸਿਆ ਤਾਂ
ਗਿਆ ਹੈ, ਪਰ ਬਹੁਤ ਸੁਧਾਰ ਹੋਣ ਦੀ ਉਮੀਦ ਨਹੀਂ ਕਿਉਂਕਿ
ਲੋਕ ਹੀ ਸਰਕਾਰ ਬਣਾਉਂਦੇ ਹਨ ਅਤੇ ਸਰਕਾਰਾਂ ਲੋਕਾਂ ਦੀਆਂ
ਆਦਤਾਂ ਨੂੰ ਹੀ ਵੇਖਾਉਂਦੀਆਂ ਹਨ (ਸ਼ਾਇਦ ਭਾਰਤੀ ਸਰਕਾਰ
ਵੀ ਭਾਰਤੀਆਂ ਦਾ ਹੀ ਮੁੱਖ ਹੈ।)

ਇਸ ਸਭ ਘਟਨਾ ਦੇ ਸਿੱਟੇ ਵਜੋਂ ਅਮਿਤਾਬ ਬਚਨ ਨੇ ਡਾਕਟਰੇਟ
ਦੀ ਡਿਗਰੀ ਆਸਟਰੇਲੀਆ ਯੂਨੀਵਰਸਿਟੀ ਤੋਂ ਲੈਣ ਤੋਂ ਇਨਕਾਰ ਕਰ
ਦਿੱਤਾ ਹੈ। ਇਹ ਨਿੱਜੀ ਤੌਰ ਉੱਤੇ ਕੀਤਾ ਵਿਰੋਧ ਸ਼ਲਾਘਾਯੋਗ ਹੈ
ਅਤੇ ਵਿਦਿਆਰਥੀਆਂ ਵਲੋਂ ਕੀਤਾ ਸ਼ਾਂਤੀ ਮਾਰਚ ਤਾਂ ਬੇਸ਼ੱਕ ਹੈ ਹੀ
ਸ਼ਲਾਘਾਯੋਗ, ਪਰ ਹੁਣ ਆਸਟਰੇਲੀਆਈ ਸਰਕਾਰ ਵਲੋਂ ਚੱਕੇ ਜਾਣ
ਵਾਲੇ ਕਦਮ ਦੇ ਸਿੱਟੇ ਵਜੋਂ ਘਟਨਾਵਾਂ ਦੀ ਘੱਟਣ ਵਾਲੀ ਗਿਣਤੀ ਹੀ ਸਿੱਟਾ
ਵੇਖਾ ਸਕੇਗੀ।
ਨਿੱਜੀ ਤੌਰ ਉੱਤੇ ਇਹ ਘਟਨਾ ਅੱਤਵਾਦ ਦਾ ਹੀ ਰੂਪ ਹਨ,
ਜੋ ਦਿਲ ਨੂੰ ਜਖ਼ਮੀ ਕਰਦੀਆਂ ਹਨ, ਜਿਸ ਦਾ ਨਤੀਜਾ
ਸਰੀਰ ਦੇ ਜਖ਼ਮਾਂ ਤੋਂ ਬਹੁਤ ਹੁੰਦਾ ਹੈ। ਖੁਦਾ ਅੱਗੇ ਦਿਲੋਂ
ਸਰਬੱਤ ਦੇ ਭਲੇ ਦੀ ਉਮੀਦ ਕਰਦਾ, ਪਰ ਆਸਟਰੇਲੀਆ
ਸਰਕਾਰ ਦੇ ਕਦਮ ਦੀ ਦਿਮਾਗੋਂ ਉਮੀਦ, ਤਦ ਤੱਕ ਦਿਲੋਂ ਉਦਾਸ...
ਆਲਮ

28 April, 2009

ਫਾਇਰਫਾਕਸ ੩.੫ ਬੀਟਾ ੪ ਪੰਜਾਬੀ ਵਿੱਚ...

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਫਾਇਰਫਾਕਸ ੩.੫ ਦਾ ਆਖਰੀ ਬੀਟਾ ਵਰਜਨ
ਰੀਲਿਜ਼ ਹੋ ਗਿਆ ਹੈ ਅਤੇ ਇਸ ਵਿੱਚ ਪੰਜਾਬੀ ਵੀ ਉਪਲੱਬਧ ਹੈ।
ਤੁਹਾਡੇ ਹੇਠ ਦਿੱਤੇ ਸਰੋਤਾਂ ਤੋਂ ਆਪਣੀ ਲੋੜ ਮੁਤਾਬਕ ਇਸ ਨੂੰ ਡਾਊਨਲੋਡ ਕਰ ਸਕਦੇ ਹੋ:

Windows Download

Mac Download

Linux Download

ਜੇ ਤੁਸੀਂ ਅੰਗਰੇਜ਼ੀ ਵਿੱਚ ਵਰਤਣਾ ਹੈ ਤਾਂ ਵੀ ਇੱਥੇ ਉਪਲੱਬਧ ਹੈ:

ਇੱਕ ਵਾਰ ਆਪਣੇ ਓਪਰੇਟਿੰਗ ਸਿਸਟਮ ਉੱਤੇ ਡਾਊਨਲੋਡ ਕਰਕੇ ਚਲਾ ਕੇ ਵੇਖੋ ਅਤੇ ਸਾਨੂੰ ਆਪਣੇ ਸੁਝਾਅ,
ਕੋਈ ਗਲਤੀ ਜਾਂ ਸਮੱਸਿਆ ਹੋਵੇ ਤਾਂ ਭੇਜਣ ਦੀ ਖੇਚਲ ਕਰਨੀ। ਇਸ ਵਾਰ ਇਸ ਦੀ ਖਾਸ ਗੱਲ ਹੈ ਕਿ
ਇਹ ਲਗਭਗ ਰੀਲਿਜ਼ ਹੋਣ ਤੋਂ ਪਹਿਲਾਂ ਦਾ ਆਖਰੀ ਟੈਸਟ ਰੀਲਿਜ਼ ਹੋ ਸਕਦਾ ਹੈ ਅਤੇ ਤੁਹਾਡੇ ਵਲੋਂ ਦਿੱਤੇ
ਸੁਝਾਅ ਨਾਲ ਅਸੀਂ ਇਸ ਨੂੰ ਹੋਰ ਵੀ ਸੁਧਾਰ ਸਕਦੇ ਹਾਂ। ਸੋ ਕਿਰਪਾ ਕਰਕੇ ਸਾਨੂੰ ਇਸ ਬਾਰੇ
ਦੱਸਣਾ ਕੀ ਕਿੱਦਾਂ ਹੈ। ਇਸ ਤੋਂ ਇਲਾਵਾ, ਜਿੰਨੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਵਤਰਣ ਲਈ
ਸੁਝਾਅ ਦੇ ਸਕਦੇ ਹੋ, ਦੱਸਣਾ।

ਰੀਲਿਜ਼ ਨੋਟਿਸ
ਪਹਿਲਾਂ ਜਾਣੇ ਬੱਗ

ਟੱਕਰਾਂ ਤਾਂ ਬਹੁਤ ਮਾਰੀਆਂ ਅਤੇ ਅਨੁਵਾਦ ਵੀ ੯੦% ਤੋਂ ਵੱਧ ਹੋ ਗਿਆ, ਪਰ
ਜਦੋਂ ਤੱਕ ਕਮਿਊਨਟੀ ਜਾਂ ਲੋਕ ਵਰਤਦੇ ਨਹੀਂ ਤਾਂ ਕੀਤੇ ਕਰਾਏ ਦਾ ਫਾਇਦਾ ਕੁਝ ਨਹੀਂ,
ਖ਼ੈਰ ਮੇਰਾ ਪਿਛਲੇ ੫ ਵਰ੍ਹਿਆ ਦਾ ਤਜਰਬਾ ਤਾਂ ਇਹੀ ਕਹਿੰਦਾ ਹੈ ਕਿ ਵਰਤਣ ਵਾਲਾ
ਸ਼ਾਇਦ ਹੀ ਕੋਈ ਹੋਵੇ, ਪਰ ਮੇਰੇ ਕੰਮ ਤਾਂ ਅਨੁਵਾਦ ਕਰਨਾ ਹੈ, ਇਹ ਵੀ ਉਪਲੱਬਧ
ਕਰਵਾ ਦਿੱਤਾ ਬਾਕੀ ਵਰਤਣ ਵਾਲਿਆਂ ਦੀ ਮਰਜ਼ੀ...

24 April, 2009

ਜੰਗ ਲਈ ਤਿਆਰ ਰਹੋ ਪੰਜਾਬੀਓ...

ਇਹ ਬਹੁਤ ਮਜ਼ਾਕ ਦੀ ਗੱਲ਼ ਅੱਜ ਭਾਵੇ ਜਾਪੇ, ਪਰ
ਸੱਚ ਹੈ ਕਿ ਛੇਤੀ ਹੀ ਪੰਜਾਬੀਆਂ ਦੇ ਗਲ਼ ਇੱਕ ਨਵੀਂ
ਜੰਗ ਪੈਣ ਵਾਲੀ ਹੈ। ਜੀ ਹਾਂ ਆਉਣ ਵਾਲੀ ਭਾਰਤ
ਦੀ ਸਰਕਾਰ ਨੂੰ ਇਹ ਜੰਗ ਲੜਨੀ ਪਵੇਗੀ ਅਤੇ
ਪੰਜਾਬੀ ਬੇਸ਼ੱਕ ਇਸ ਵਿੱਚ ਮੱਲੋ-ਮੱਲੀ ਸ਼ਾਮਲ ਹੋਣ
ਹੀ ਵਾਲੇ ਰਹਿਣਗੇ।
ਜੰਗ - ਜੰਗ, ਜੋ ਪਾਕਿਸਤਾਨ ਦੇ ਇੱਕ ਮੁਲਕ
ਵਜੋਂ ਹਥਿਆਰ ਸੁੱਟਣ ਕਰਕੇ ਸ਼ੁਰੂ ਹੋਈ ਹੈ, ਇੱਕ
ਜੰਗ, ਜੋ ਪਾਕਿਸਤਾਨ ਤਾਲਿਬਾਨ ਵਿਰੁਧ ਹਾਰ
ਰਿਹਾ ਹੈ, ਦਾ ਅੰਤ ਭਾਰਤ ਨੂੰ ਕਰਨਾ ਪਵੇਗਾ, ਅਤੇ
ਸਿੱਧੇ ਰੂਪ ਵਿੱਚ ਪੰਜਾਬੀਆਂ ਨੂੰ ਇਸ ਦਾ ਅਸਰ ਝੱਲਣਾ
ਪਵੇਗਾ, ਅਤੇ ਪਾਕਿਸਤਾਨੀ ਪੰਜਾਬੀ ਤਾਂ ਇਸ ਵਿੱਚ
ਛੇਤੀ ਹੀ ਸ਼ਾਮਲ ਹੋਣ ਜਾ ਰਹੇ ਹਨ ਅਤੇ ਭਾਰਤੀ ਪੰਜਾਬੀ
ਲਈ ਬਹੁਤ ਦੂਰੀ ਨਹੀਂ ਹੈ।
ਪਾਕਿਸਤਾਨ ਸਰਕਾਰ, ਜਿਸ ਤਰ੍ਹਾਂ ਤਾਲਿਬਾਨ ਅੱਗੇ
ਆਤਮ-ਸਮਰਪਨ ਕਰ ਰਹੀ ਹੈ ਅਤੇ ਉਨ੍ਹਾਂ ਨੂੰ
ਆਪਣੇ ਇਲਾਕਿਆਂ ਵਿੱਚ ਗ਼ੈਰ-ਲੋਕਤੰਤਰੀ ਸਮਾਂਤਰ
ਸਰਕਾਰ ਬਣਾਉਣ ਦੇ ਰਹੀ ਹੈ, ਉਹ ਛੇਤੀ ਹੀ ਇਸਲਾਮਾਬਾਦ
ਨੂੰ ਢਹਾਉਣ ਦੀ ਤਿਆਰੀ ਵਿੱਚ ਹਨ, ਜਿਸ ਦੀ ਚੇਤਾਵਨੀ
ਅਮਰੀਕਾ ਦੇ ਰਿਹਾ ਹੈ (ਜੋ ਖੁਦ ਅਫਗਾਨਿਸਤਾਨ ਵਿੱਚ
ਹੱਥ ਮਲਣ ਮਗਰੋਂ ਪਾਕਿਸਤਾਨ ਵਿੱਚ ਲਾਦੇਨ ਲਈ ਟੱਕਰਾਂ
ਮਾਰਦਾ ਪਰੇਸ਼ਾਨ ਹੋ ਗਿਆ ਹੈ)। ਮੁਸ਼ਰਫ਼ ਨੇ ਤਾਂ ਆਪਣੇ
ਇੱਕ ਬਿਆਨ ਵਿੱਚ ਸਾਫ਼ ਕਰ ਦਿੱਤਾ ਹੈ ਕਿ ਅਮਰੀਕਾ ਨੂੰ
ਹੁਣ ਅਫਗਾਨ ਸਰਦਾਰਾਂ ਨਾਲ ਸਮਝੌਤਾ ਕਰਨਾ ਹੀ ਪਵੇਗਾ,
ਨਹੀਂ ਤਾਂ ਉਸ ਦੀ ਜਾਨ ਨਹੀਂ ਛੁੱਟਣੀ।
ਖ਼ੈਰ ਹੁਣ ਜਦੋਂ ਤਾਲਿਬਾਨ ਲਗਾਤਾਰ ਪਾਕਿਸਤਾਨ ਵਿੱਚ ਪੈਰ
ਜਮਾ ਰਹੇ ਹਨ ਅਤੇ ਲੋਕਤੰਤਰੀ ਸਰਕਾਰ ਦੇ ਬਰਾਬਰ ਸਰਕਾਰ
ਚਲਾ ਰਹੇ ਹਨ ਤਾਂ ਉੱਤਰ ਤੋਂ ਚਲਿਆ ਇਹ ਦਰਿਆ ਹੁਣ
ਪਾਕਿਸਤਾਨ ਨੂੰ ਵੰਡਣ ਦੀ ਧਾਰ ਲੈ ਕੇ ਵਹਿ ਰਿਹਾ ਹੈ।
ਇਸ ਵਿੱਚ ਭਾਰਤ ਨੂੰ ਕਿੰਨੀ ਵਾਰ ਪਾਕਿਸਤਾਨ ਸਰਕਾਰ
ਨੇ ਇਸ਼ਾਰਿਆਂ ਨਾਲ ਸਮਝਾਇਆ ਹੈ ਕਿ ਉਹ ਬੇਬਸ ਨੇ ਅਤੇ
ਕੰਟਰੋਲ ਨਹੀਂ ਕਰ ਸਕਦੇ ਤਾਂ ਵੀ ਭਾਰਤ ਨੇ ਅਤੇ ਭਾਰਤੀਆਂ ਵਿਚੋਂ
ਬਹੁਤਿਆਂ ਨੇ ਕਦੇ ਵੀ ਇਸ ਲਈ ਕੰਨ ਨਹੀਂ ਧਰੇ ਅਤੇ ਪਾਕਿਸਤਾਨ
ਨੂੰ ਬਦਤਰ ਸਥਿਤੀ ਵਿੱਚ ਧੱਕਣ ਲਈ ਪੂਰਾ ਜ਼ੋਰ ਲਗਾਉਦੇ ਰਹੇ।
ਇਸ ਨਾਲ ਮਾੜੀ ਗੱਲ ਇਹ ਹੋਈ ਕੋਈ ਆਪਣਾ
ਗੁਆਂਢੀ 'ਚੰਦਰਾ' ਹੋ ਗਿਆ ਅਤੇ ਭਾਰਤ ਲਈ ਅੱਗੇ ਕੇਵਲ ਜੰਗ ਹੀ
ਰਾਹ ਬਚਦਾ ਹੈ, ਜੋ ਆਪਣੇ ਗੁਆਂਢੀ ਪਾਕਿਸਤਾਨ ਨਾਲ ਨਾ ਹੋ ਕੇ
ਤਾਲਿਬਾਨ ਨਾਲ ਹੋਣੀ ਤਹਿ ਹੋ ਰਹੀ ਜਾਪਦੀ ਹੈ। ਕਸ਼ਮੀਰ ਦਾ ਮਸਲਾ ਤਾਂ
ਇਸ ਜੰਗ ਨਾਲ ਮੁਕ ਹੀ ਜਾਵੇਗਾ, ਪਰ ਇਹ ਜੰਗ ਪੰਜਾਬੀਆਂ ਲਈ
ਜੋ ਕਹਿਰ ਢਾਹੇਗੀ ਇਹ ਤਾਂ ਪੰਜਾਬੀ ਸਾਰੇ ਹੀ ਜਾਣਦੇ ਹਨ, ਭਾਵੇਂ
ਪਾਕਿਸਤਾਨੀ ਹੋਣ ਜਾਂ ਭਾਰਤੀ। ਸੋ ਇੱਕ ਹੋਰ ਜੰਗ ਲਈ ਪੰਜਾਬੀਆਂ
ਨੂੰ ਤਿਆਰ ਰਹਿਣਾ ਪਵੇਗਾ ਅਤੇ ਉਜਾੜੇ ਦਾ ਇੱਕ ਵਾਵਰੋਲਾ ਫੇਰ
ਵਹਿਣ ਦੀ ਤਿਆਰ ਹੈ, ਭਾਵੇ ਕਿ ਹਾਲੇ ਮੌਸਮ ਵਿਭਾਗ ਇਸ ਬਾਰੇ
ਅਵੇਸਲਾ ਹੈ ਅਤੇ ਇਸ ਦੇ ਗੁਆਂਢ 'ਚੋਂ ਹੀ ਲੰਘ ਜਾਣ ਦੀ ਉਮੀਦ ਕਰ
ਰਿਹਾ ਹੈ...

05 April, 2009

ਜੈ ਹਿੰਦ..

ਪਰਸੋਂ ਭਾਰਤੀ ਘਰੇਲੂ ਉਡਾਨ ਵਿੱਚ ਸਫ਼ਰ ਕਰ ਰਿਹਾ ਸਾਂ ਤਾਂ
ਅਚਾਨਕ ਗੁਰਪਾਲ ਸਿੰਘ ਸਹਾਇਕ ਕੈਪਟਨ ਇੰਡੋ ਫਲਾਈਡ
ਦੀ ਆਵਾਜ਼ ਸੁਣਾਈ ਦਿੱਤੀ, ਜਹਾਜ਼ ਦੀ ਉਚਾਈ ਵਗੈਰਾ ਦੱਸਣ
ਤੋਂ ਬਾਅਦ ਇੱਕ ਗੱਲ ਜਿਸ ਨੇ ਮੇਰਾ ਧਿਆਨ ਖਿੱਚਿਆ ਉਹ ਸੀ
ਗੱਲ਼ ਖਤਮ ਕਰਨ ਸਮੇਂ ਨਮਸਕਾਰ, ਗੁੱਡ ਇੰਵਨਿੰਗ ਆਦਿ
ਸ਼ਬਦ ਵਰਤਣ ਦੀ ਬਜਾਏ "ਜੈ ਹਿੰਦ" ਦੀ ਵਰਤੋਂ ਕਰਨੀ।
ਮੈਂ ਇੱਕ ਵਾਰ ਸੋਚਣ ਲਈ ਮਜ਼ਬੂਰ ਹੋਣਾ ਪਿਆ ਕਿ ਕਿਤੇ ਮਜ਼ਾਕ
ਤਾਂ ਨਹੀਂ ਕੀਤਾ, ਪਰ ਜਦੋਂ ਹਿੰਦੀ ਦੇ ਆਪਣੇ ਐਲਾਨ ਨੂੰ ਅੰਗਰੇਜ਼ੀ
ਵਿੱਚ ਦੱਸਣ ਦੇ ਬਾਅਦ ਫੇਰ ਉਸ ਨੇ ਖਾਤਮਾ "ਜੈ ਹਿੰਦ" ਨਾਲ
ਕੀਤਾ ਤਾਂ ਮੈਂ ਸਮਝ ਗਿਆ ਕਿ ਇਹੀ ਕਿਹਾ ਸੀ।
ਮੈਨੂੰ ਇਸ ਦੀ ਖੁਸ਼ੀ ਵੀ ਬਹੁਤ ਸੀ ਅਤੇ ਲੱਗਾ ਵੀ ਬਹੁਤ ਜਾਇਜ਼
ਜੇਹਾ। ਕਿਉਂਕਿ ਇਹ ਧਾਰਮਿਕ ਸਲਾਮ, ਨਮਸਤੇ ਆਦਿ ਤੋਂ ਅੱਡ
ਅਤੇ ਦੇਸ਼ ਨਾਲ ਸਬੰਧਿਤ ਸੀ। ਭਾਵੇਂ ਕੁਝ ਅੰਗਰੇਜ਼ ਵੀ ਸਫ਼ਰ ਰਹੇ ਸਨ,
ਪਰ ਜਦੋਂ ਭਾਰਤ ਵਿੱਚ ਯਾਤਰਾ ਕਰ ਰਹੇ ਹੋਵੋ ਤਾਂ ਇਹ ਵਿਲੱਖਣ
(ਅਜੀਬ) ਜੇਹਾ ਨਹੀਂ ਲੱਗਣਾ ਚਾਹੀਦਾ ਹੈ ਅਤੇ ਇਸ ਦੀ ਵਰਤੋਂ
ਬਹੁਤ ਜੱਚਦੀ ਹੈ ਨਮਸਕਾਰ, ਗੁੱਡ ਮਾਰਨਿੰਗ, ਗੁੱਡ ਡੇ ਆਦਿ ਦੀ
ਬਜਾਏ।
ਮੈਨੂੰ "ਜੈ ਹਿੰਦ" ਨੂੰ ਯਾਦ ਕਰਦਿਆਂ ਬਚਪਨ ਚੇਤੇ ਆਇਆ
(ਅਤੇ ਮਨ ਨੂੰ ਬੜਾ ਅਜੀਬ ਜਿਹਾ ਆਨੰਦ ਆਇਆ), ਜਦੋਂ
ਰੋਜ਼ਾਨਾ ਸਕੂਲਾਂ ਵਿੱਚ ਪਰੇਡ ਤੋਂ ਬਾਅਦ ਜਨ-ਗਨ-ਮਨ ਦੇ ਤੁਰੰਤ ਬਾਅਦ
ਤਿੰਨ ਵਾਰ ਜੈ ਹਿੰਦ ਬੋਲਣਾ ਹੁੰਦਾ ਸੀ। ਉਦੋਂ ਉਹ ਵੱਡੀ ਗੱਲ ਨਹੀਂ ਸੀ ਲੱਗਦਾ,
ਮਤਲਬ ਕਿ ਰੋਜ਼ਾਨਾ ਦਾ ਕੰਮ ਸੀ, ਪਰ ਇਹ ਗੱਲਾਂ ਰੋਜ਼ਾਨਾ ਦੁਹਰਾਉਣ
ਨਾਲ ਆਪਣਾਪਣ ਅੱਜ ਤੀਕ ਜਾਪਦਾ ਹੈ। ਇਹ ਗੱਲਾਂ ਦਾ ਅਸਰ
ਬੇਸ਼ੱਕ ਬਹੁਤ ਡੂੰਘਾ ਹੁੰਦਾ ਹੈ ਅਤੇ ਲੰਮਾ ਸਮਾਂ ਰਹਿੰਦਾ ਹੈ। ਜੇ ਆਪਾਂ
ਦੇਸ਼ ਨੂੰ ਫਿਰਕਾਪ੍ਰਸਤੀ ਤੋਂ ਬਚਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਬੱਚਿਆਂ
ਨੂੰ ਇਹ ਸਬਕ ਪੜ੍ਹਾਇਆ ਜਾਵੇ, "ਜੈ ਹਿੰਦ" ਬੁਲਾਇਆ ਜਾਵੇ।